Sunday, October 20, 2019
Home > News > ਕੀ ਤੁਸੀਂ ਜਾਣਦੇ ਹੋ ਅਸਲੀ ਨਿਹੰਗ ਸਿੰਘ ਕੌਣ ਹੁੰਦੇ ਹਨ ? ਹਰ ਸਿੱਖ ਤੱਕ ਪੁੱਜਦੀ ਕਰ ਦਿਓ …

ਕੀ ਤੁਸੀਂ ਜਾਣਦੇ ਹੋ ਅਸਲੀ ਨਿਹੰਗ ਸਿੰਘ ਕੌਣ ਹੁੰਦੇ ਹਨ ? ਹਰ ਸਿੱਖ ਤੱਕ ਪੁੱਜਦੀ ਕਰ ਦਿਓ …

ਇਹ ਵੀਡੀਓ ਦੇਖਕੇ ਸਾਡੇ ਨਿਹੰਗ ਸਿੰਘਾਂ ਬਾਰੇ ਕਈ ਭੁਲੇਖੇ ਦੂਰ ਹੋਣਗੇ ਇਸ ਕਰਕੇ ਵੀਡੀਓ ਜਰੂਰ ਦੇਖੋ ਅਤੇ ਸ਼ੇਅਰ ਕਰੋ ਜੀ। ਨਿਹੰਗ ਸਿੰਘ : ਗੁਰੂ ਗੋਬਿੰਦ ਸਿੰਘ ਜੀ ਦੀ ਲਾਡਲੀ ਫ਼ੌਜ ਵਜੋਂ ਪ੍ਰਸਿੱਧ ਨਿਹੰਗ ਸਿੰਘ ਸਿੱਖ ਧਰਮ ਦੇ ਪੁਰਾਤਨ ਜੰਗੀ ਸਰੂਪ ਅਤੇ ਆਚਾਰ ਨੂੰ ਅਪਣਾ ਕੇ ਚਲਣ ਵਾਲਾ ਇਕ ਅਜਿਹਾ ਧਰਮ-ਸਾਧਕ ਹੈ ਜੋ ਸੀਸ ਉਪਰ ਫਰਹਰੇ ਵਾਲਾ ਉੱਚਾ ਦੋਮਾਲਾ ਸਜਾਉਂਦਾ ਹੈ ਅਤੇ ਕਈ ਪ੍ਰਕਾਰ ਦੇ ਸ਼ਸਤ੍ਰਾਂ

( ਚੱਕਰ , ਖੰਡਾ , ਕ੍ਰਿਪਾਨ , ਭਾਲਾ , ਬੰਦੂਕ , ਤੋੜਾ , ਗਜਗਾਹ ਆਦਿ ) ਨਾਲ ਸੁਸਜਿਤ ਹਰ ਵਕਤ ਤਿਆਰ-ਬਰ-ਤਿਆਰ ਰਹਿੰਦਾ ਹੈ । ਇਸ ਪਾਸ ਲੋਹੇ ਦਾ ਗੜਵਾ , ਮਾਲਾ ਅਤੇ ਹੋਰ ਲੋੜੀਂਦਾ ਸਾਮਾਨ ਹਰ ਵਕਤ ਮੌਜੂਦ ਰਹਿੰਦਾ ਹੈ ।ਨਿਹੰਗ ਸਿੰਘ ਮਰਣ ਤੋਂ ਸਦਾ ਨਿਸੰਗ ਅਤੇ ਮਾਇਆ ਤੋਂ ਨਿਰਲੇਪ ਰਹਿੰਦੇ ਹਨ । ਅਜਿਹੀਆਂ ਵਿਸ਼ੇਸ਼ਤਾਵਾਂ ਕਰਕੇ ਇਨ੍ਹਾਂ ਦੇ ਨਾਂ ਦੀ ਵਿਉਪੱਤੀ ਸੰਸਕ੍ਰਿਤ ਦੇ ਨਿਹਸ਼ੰਕ ਅਥਵਾ ਨਿਹਸੰਗ ਸ਼ਬਦ ਤੋਂ ਮੰਨੀ ਜਾਂਦੀ ਹੈ । ਆਸਾ ਰਾਗ ਵਿਚ ਗੁਰੂ ਅਰਜਨ ਦੇਵ ਜੀ ਨੇ ਮੌਤ ਦੀ ਚਿੰਤਾ ਤੋਂ ਮੁਕਤ ਵਿਅਕਤੀ ਨੂੰ ‘ ਨਿਹੰਗ’ ਕਿਹਾ ਹੈ— ਨਿਰਭਉ ਹੋਇਓ ਭਇਆ ਨਿਹੰਗਾ । ‘ ਚੰਡੀ ਦੀ ਵਾਰ ’ ਵਿਚ ਵੀ ਇਸ ਭਾਵ ਦੀ ਅਭਿਵਿਅਕਤੀ ਹੋਈ ਹੈ— ਪਹਿਲਾਂ ਦਲਾਂ ਮਿਲੰਦਿਆਂ ਭੇੜ ਪਿਆ ਨਿਹੰਗਾਂ । ਇਸੇ ਭਾਵਨਾ ਅਧੀਨ ਭਾਈ ਰਤਨ ਸਿੰਘ ਭੰਗੂ ਨੇ ‘ ਪ੍ਰਾਚੀਨ ਪੰਥ ਪ੍ਰਕਾਸ਼ ’ ਵਿਚ ਇਸ ਨੂੰ ਪਰਿਭਾਸ਼ਿਤ ਕਰਦਿਆਂ ਲਿਖਿਆ ਹੈ— ਨਿਹੰਗ ਕਹਾਵੈ ਸੋ ਪੁਰਖ ਦੁਖ ਸੁਖ ਮਨੇ ਨ ਅੰਗ । ਕੁਝ ਵਿਦਵਾਨ ਇਸ ਸ਼ਬਦ ਦੀ ਵਿਉਪਤੀ ਫ਼ਾਰਸੀ ਭਾਸ਼ਾ ਦੇ ‘ ਨਿਹੰਗ’ ਸ਼ਬਦ ਤੋਂ ਮੰਨਦੇ ਹਨ , ਜਿਸ ਦਾ ਅਰਥ ਹੈ ਮਗਰਮੱਛ ਅਤੇ ਤਲਵਾਰ ।ਸਿੱਖ ਧਰਮ ਵਿਚ ਇਹ ਆਤਮ-ਉਤਸਰਗੀ ਸੰਪ੍ਰਦਾਇ ਕਿਵੇਂ ਹੋਂਦ ਵਿਚ ਆਇਆ ? ਇਸ ਬਾਰੇ ਕਈ ਮਤ ਪ੍ਰਚਲਿਤ ਹਨ । ਇਕ ਮਤ ਅਨੁਸਾਰ ਗੁਰੂ ਗੋਬਿੰਦ ਸਿੰਘ ਜੀ ਦਾ ਸਭ ਤੋਂ ਛੋਟਾ ਸਾਹਿਬਜ਼ਾਦਾ ਬਾਬਾ ਫਤਹਿ ਸਿੰਘ ਇਕ ਵਾਰ ਵਿਨੋਦੀ ਚੋਜ ਕਰਦਿਆਂ ਸੀਸ ਉਤੇ ਦੁਮਾਲਾ ਸਜਾ ਕੇ ਅਤੇ ਨੀਲੇ ਰੰਗ ਦਾ ਚੋਲਾ ਪਾ ਕੇ ਗੁਰੂ ਜੀ ਪਾਸ ਆ ਗਿਆ । ਗੁਰੂ ਜੀ ਨੇ ਪ੍ਰਸੰਨ ਹੋ ਕੇ ਭਵਿਸ਼ਬਾਣੀ ਕੀਤੀ ਕਿ ਅਜਿਹੇ ਬਾਣੇ ਵਾਲਾ ਇਕ ‘ ਨਿਹੰਗ ਪੰਥ ’ ਹੋਵੇਗਾ ।ਦੂਜੇ ਮਤ ਅਨੁਸਾਰ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਮਾਛੀਵਾੜੇ ਵਿਚ ਧਾਰਣ ਕੀਤੇ ਉੱਚ ਦੇ ਪੀਰ ਵਾਲੇ ਬਾਣੇ ਨੂੰ ਅਗਨਿ-ਭੇਂਟ ਕੀਤਾ ਤਾਂ ਉਨ੍ਹਾਂ ਦੇ ਸੇਵਕ ਭਾਈ ਮਾਨ ਸਿੰਘ ਨੇ ਉਸ ਨਾਲੋਂ ਇਕ ਲੀਰ ਪਾੜ ਕੇ ਆਪਣੀ ਦਸਤਾਰ ਵਿਚ ਸਜਾ ਲਈ । ਇਸ ਤੋਂ ਪ੍ਰਭਾਵਿਤ ਹੋ ਕੇ ਕਈ ਸਿੰਘਾਂ ਨੇ ਨੀਲੇ ਬਸਤ੍ਰ ਧਾਰਣ ਕਰਨੇ ਸ਼ੁਰੂ ਕਰ ਦਿੱਤੇ ਅਤੇ ਦਸਤਾਰਾਂ ਨਾਲ ਲੀਰ ਦੀ ਸ਼ਕਲ ਦਾ ਫਰਹਰਾ ਛਡਣਾ ਸ਼ੁਰੂ ਕਰ ਦਿੱਤਾ । ਕਾਲਾਂਤਰ ਵਿਚ ਇਸ ਵੇਸ਼-ਭੂਸ਼ਾ ਵਾਲੇ ਨਿਹੰਗ-ਸਿੰਘ ਵਜੋਂ ਜਾਣੇ ਜਾਣ ਲਗੇ ।ਤੀਜੇ ਮਤ ਅਨੁਸਾਰ ਨਿਸ਼ਾਨਾਂ ਵਾਲੀ ਮਿਸਲ ਦੇ ਬਾਬਾ ਨੈਣਾ ਸਿੰਘ ਨੇ ਸੈਨਿਕ ਟੁਕੜੀ ਦੇ ਨਿਸ਼ਾਨਚੀ ਦੇ ਸਿਰ ਉਪਰ ਉੱਚੀ ਦਸਤਾਰ ਸਜਾ ਕੇ ਉਸ ਨਾਲ ਨਿਸ਼ਾਨ ਦੇ ਰੂਪ ਵਿਚ ਫਰਹਰਾ ਝੁਲਾ ਦਿੱਤਾ । ਇਸ ਨਾਲ ਦੋ ਲਾਭ ਹੋਏ । ਇਕ ਇਹ ਕਿ ਫ਼ੌਜ ਦੇ ‘ ਨਿਸ਼ਾਨ’ ਦੀ ਥਾਂ ਪੂਰੀ ਹੋ ਗਈ ਅਤੇ ਦੂਜਾ ਨਿਸ਼ਾਨਚੀ ਦੇ ਹੱਥ ਵੇਹਲੇ ਹੋਣ ਕਰਕੇ ਉਹ ਲੋੜ ਅਨੁਸਾਰ ਸ਼ਸਤ੍ਰ ਚਲਾ ਸਕਣ ਦੇ ਸਮਰਥ ਹੋ ਗਿਆ । ਬਹੁਤੇ ਵਿਦਵਾਨ ਇਸ ਤੀਜੇ ਮਤ ਨੂੰ ਜ਼ਿਆਦਾ ਵਜ਼ਨੀ ਮੰਨਦੇ ਹਨ ।ਇਨ੍ਹਾਂ ਨੂੰ ‘ ਅਕਾਲੀ ’ ਅਥਵਾ ‘ ਅਕਾਲੀ ਨਿਹੰਗ’ ਵੀ ਕਿਹਾ ਜਾਂਦਾ ਸੀ ਕਿਉਂਕਿ ‘ ਅਕਾਲ ’ ਦੇ ਉਪਾਸਕ ਹੋਣ ਕਾਰਣ ਇਹ ਵੀ ਕਾਲ ਦੇ ਪ੍ਰਭਾਵ ਤੋਂ ਮੁਕਤ ਸਨ । ਇਨ੍ਹਾਂ ਦਾ ਅਧਿਕਤਰ ਸੰਬਧ ਨਿਸ਼ਾਨਾਂ ਵਾਲੀ ਮਿਸਲ ਅਤੇ ਸ਼ਹੀਦਾਂ ਵਾਲੀ ਮਿਸਲ ਨਾਲ ਸੀ । ਅਠਾਰ੍ਹਵੀਂ ਸਦੀ ਦੇ ਉਤਰਾਰਧ ਵਿਚ ਜਦੋਂ ਸਿੱਖ ਫ਼ੌਜਾਂ ਨੇ ਸਰਹਿੰਦ ਨੂੰ ਜਿਤ ਲਿਆ ਤਾਂ ਸਾਰੀਆਂ ਮਿਸਲਾਂ ਦੇ ਸਰਦਾਰਾਂ ਨੇ ਵਧ ਤੋਂ ਵਧ ਇਲਾਕਾ ਆਪਣੇ ਕਬਜ਼ੇ ਅਧੀਨ ਕਰਕੇ ਰਿਆਸਤਾਂ ਦੀ ਸਥਾਪਨਾ ਕੀਤੀ ਅਤੇ ਇਸ ਕਰਕੇ ਪਰਸਪਰ ਵੈਰ-ਵਿਰੋਧ ਵਧਿਆ । ਪਰ ਨਿਹੰਗ ਸਿੰਘਾਂ ਨੇ ਆਪਣੇ ਆਪ ਨੂੰ ਇਸ ਪ੍ਰਕਾਰ ਦੇ ਲਾਲਚ ਅਤੇ ਪ੍ਰਭੁਤਾ ਤੋਂ ਦੂਰ ਰਖਿਆ । ਸਮੇਂ ਸਮੇਂ ਇਹ ਅਕਾਲ ਤਖ਼ਤ ਉਤੇ ਇਕੱਠੇ ਹੁੰਦੇ ਰਹਿੰਦੇ ਅਤੇ ਆਪਣੀ ਸਿਦਕ ਦਿਲੀ ਅਤੇ ਨਿਰਮੋਹੀ ਮਾਨਸਿਕਤਾ ਕਰਕੇ ਸਿੱਖ ਸਮਾਜ ਵਿਚ ਸਮਾਦਰਿਤ ਹੁੰਦੇ ਰਹੇ । ਬਾਬਾ ਨੈਣਾ ਸਿੰਘ ਦਾ ਇਕ ਸੇਵਕ ਬਾਬਾ ਫੂਲਾ ਸਿੰਘ ਅਕਾਲੀ ਅਕਾਲ-ਤਖ਼ਤ ਦੀ ਸੇਵਾ ਸੰਭਾਲ ਕਰਦਾ ਸੀ ਅਤੇ ਉਸ ਦੀ ਪੰਥ ਵਿਚ ਬੜੀ ਪ੍ਰਤਿਸ਼ਠਾ ਸੀ ।