Sunday, October 20, 2019
Home > News > ਅਕਾਲੀ ਦਲ ਵਾਸਤੇ ਬਰਗਾੜੀ ਚ ਹੋਏ ਭਾਰੀ ਇਕੱਠ ਨੇ ਵਜਾਈ ਖਤਰੇ ਦੀ ਘੰਟੀ ! ਪੜੋ ਪੂਰੀ ਖ਼ਬਰ

ਅਕਾਲੀ ਦਲ ਵਾਸਤੇ ਬਰਗਾੜੀ ਚ ਹੋਏ ਭਾਰੀ ਇਕੱਠ ਨੇ ਵਜਾਈ ਖਤਰੇ ਦੀ ਘੰਟੀ ! ਪੜੋ ਪੂਰੀ ਖ਼ਬਰ

ਆਮ ਆਦਮੀ ਪਾਰਟੀ ਤੇ ਪੰਥਕ ਜਥੇਬੰਦੀਆਂ ਵੱਲੋਂ ਅੱਜ ਬਰਗਾੜੀ ਵਿੱਚ ਕੀਤਾ ਗਿਆ ਇਕੱਠ ਸ਼੍ਰੋਮਣੀ ਅਕਾਲੀ ਦਲ ਲਈ ਖ਼ਤਰੇ ਦੀ ਘੰਟੀ ਹੈ। ਸੂਤਰਾਂ ਮੁਤਾਬਕ ਇਹ ਇਕੱਠ 40 ਤੋਂ 50 ਹਜ਼ਾਰ ਹੋ ਸਕਦਾ ਹੈ। ਦਿਲਚਸਪ ਗੱਲ ਹੈ ਕਿ ਅੱਜ ਕਾਂਗਰਸ ਤੇ ਅਕਾਲੀ ਦਲ ਦੀਆਂ ਵੀ ਰੈਲੀਆਂ ਸੀ। ਇਸ ਦੇ ਬਾਵਜੂਦ ਬਰਗਾੜੀ ਮੋਰਚਾ ਦੇ ਹੱਕ ਵਿੱਚ ਇੰਨਾ ਇਕੱਠ ਵੱਡੇ ਅਰਥ ਰੱਖਦਾ ਹੈ। ਅਹਿਮ ਗੱਲ਼ ਇਹ ਵੀ ਹੈ ਕਿ ਅਕਾਲੀ ਦਲ ਹਮੇਸ਼ਾਂ ਇਲਜ਼ਾਮ ਲਾਉਂਦਾ ਹੈ ਕਿ ਪੰਥਕ ਜਥੇਬੰਦੀਆਂ ਨੂੰ ਕਾਂਗਰਸ ਦੀ ਹਮਾਇਤ ਹਾਸਲ ਹੈ। ਇਸੇ ਲਈ ਉਨ੍ਹਾਂ ਦੇ ਸਮਾਗਮਾਂ ਵਿੱਚ ਵੱਡਾ ਇਕੱਠ ਹੁੰਦਾ ਹੈ ਪਰ ਅੱਜ ਤਾਂ ਬਰਗਾੜੀ ਦੇ ਨੇੜੇ ਹੀ ਕਿਲਿਆਂਵਾਲੀ ਵਿੱਚ ਕਾਂਗਰਸ ਦੀ ਆਪਣੀ ਰੈਲੀ ਸੀ।
ਇਸ ਦੇ ਬਾਵਜੂਦ ਵੱਡੀ ਗਿਣਤੀ ਲੋਕ ਬਰਗਾੜੀ ਪਹੁੰਚੇ। ਇਸ ਤੋਂ ਪਹਿਲਾਂ ਪੰਥਕ ਜਥੇਬੰਦੀਆਂ ਨੇ ਸਰਬੱਤ ਖਾਲਸਾ ਵੇਲੇ ਵੱਡਾ ਇਕੱਠ ਕੀਤਾ ਸੀ ਪਰ ਅਕਾਲੀ ਦਲ ਨੇ ਦਾਅਵਾ ਕੀਤਾ ਸੀ ਕਿ ਇਹ ਕਾਂਗਰਸ ਦਾ ਇਕੱਠ ਸੀ। ਬਰਗਾੜੀ ਰੋਸ ਮਾਰਚ ਵਿੱਚ ਪਹੁੰਚੇ ਲੋਕਾਂ ਨੂੰ ਪੰਥਕ ਵੋਟ ਬੈਂਕ ਦੀ ਕੈਟਾਗਿਰੀ ਵਿੱਚ ਗਿਣਿਆ ਜਾਂਦਾ ਹੈ। ਇਸ ਲਈ ਇਨ੍ਹਾਂ ਵਿੱਚ ਸ਼ਾਮਲ ਵੱਡੀ ਗਿਣਤੀ ਉਹ ਲੋਕ ਵੀ ਮੰਨੇ ਜਾਂਦੇ ਹਨ, ਜਿਹੜੇ ਕਦੇ ਅਕਾਲੀ ਦਲ ਨਾਲ ਡਟ ਕੇ ਖੜ੍ਹਦੇ ਰਹੇ ਹਨ। ਇਸ ਲਈ ਪੰਥਕ ਵੋਟ ਦਾ ਖੋਰਾ ਅਕਾਲੀ ਦਲ ਲਈ ਖ਼ਤਰੇ ਦੀ ਘੰਟੀ ਮੰਨਿਆ ਜਾ ਸਕਦਾ ਹੈ।
ਅਕਾਲੀ ਦਲ ਨੂੰ ਇਹ ਵੀ ਝਟਕਾ ਲੱਗ ਸਕਦਾ ਹੈ ਕਿ ਆਮ ਆਦਮੀ ਪਾਰਟੀ ਖਾਸਕਰ ਸੁਖਪਾਲ ਖਹਿਰਾ ਧੜਾ ਪੰਥਕ ਵੋਟ ਵਿੱਚ ਸੰਨ੍ਹ ਲਾ ਲਵੇ। ਇਸ ਵੇਲੇ ਕਾਂਗਰਸ ਤੇ ਅਕਾਲੀ ਦਲ ਬਰਗਾੜੀ ਮੋਰਚਾ ਦੇ ਲੀਡਰਾਂ ਨੂੰ ਅੱਤਵਾਦੀ ਤੱਕ ਕਹਿ ਰਹੇ ਹਨ। ਇਸ ਦੇ ਬਾਵਜੂਦ ਸੁਖਪਾਲ ਖਹਿਰਾ ਵੱਲੋਂ ਪੰਥਕ ਜਥੇਬੰਦੀਆਂ ਦੇ ਹੱਕ ਵਿੱਚ ਡਟਣ ਕਰਕੇ ਪੰਥਕ ਵੋਟ ਦਾ ਉਨ੍ਹਾਂ ਵੱਲ ਝੁਕਾਅ ਹੋ ਸਕਦਾ ਹੈ।