Tuesday, November 19, 2019
Home > News > ਹਸਪਤਾਲ ਵਾਲਿਆਂ ਦੀ ਕਰਤੂਤ ਦੇਖੋ .. ਕੂੜੇ ਵਾਲੀ ਟਰਾਲੀ ਵਿੱਚ ਭੇਜੀ ਲਾਸ਼ ..

ਹਸਪਤਾਲ ਵਾਲਿਆਂ ਦੀ ਕਰਤੂਤ ਦੇਖੋ .. ਕੂੜੇ ਵਾਲੀ ਟਰਾਲੀ ਵਿੱਚ ਭੇਜੀ ਲਾਸ਼ ..

ਸ਼ਹਿਰ ‘ਚ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਦੀ ਘਟਨਾ ਸਾਹਮਣੇ ਆਈ ਹੈ, ਜਿਸ ‘ਚ ਨਗਰ ਕੌਂਸਲ ਦੇ ਕਰਮਚਾਰੀ ਇਕ ਲਵਾਰਿਸ ਲਾਸ਼ ਨੂੰ ਗੰਦਗੀ ਨਾਲ ਭਰੀ ਟਰਾਲੀ ‘ਚ ਰੱਖ ਕੇ ਸਸਕਾਰ ਕਰਨ ਲਈ ਲੈ ਗਏ। ਇਸ ਮੌਕੇ ਕੁੱਝ ਪੁਲਸ ਮੁਲਾਜ਼ਮ ਵੀ ਮੌਜੂਦ ਸਨ ਪਰ ਕਿਸੇ ਨੇ ਵੀ ਕੌਂਸਲ ਦੇ ਕਰਮਚਾਰੀਆਂ ਨੂੰ ਰੋਕਿਆ ਨਹੀਂ। ਘਟਨਾ ਦੇ ਮੀਡੀਆ ਰਾਹੀਂ ਸਾਹਮਣੇ ਆਉਣ ਤੋਂ ਬਾਅਦ ਪੁਲਸ ਅਤੇ ਕੌਂਸਲ ਅਧਿਕਾਰੀ ਜਾਂਚ ਕਰਨ ਦੀ ਗੱਲ ਕਰ ਰਹੇ ਹਨ

ਜਦਕਿ ਨਗਰ ਕੌਂਸਲ ਬਟਾਲਾ ‘ਚ ਜ਼ਿੰਮੇਵਾਰ ਅਧਿਕਾਰੀ ਈ. ਓ. ਭੁਪਿੰਦਰ ਸਿੰਘ ਮੀਡੀਆ ਸਾਹਮਣੇ ਆਉਣ ਤੋਂ ਆਪਣੇ ਆਪ ਨੂੰ ਲੁਕਾਉਂਦੇ ਰਹੇ ਅਤੇ ਇਸ ਵਿਵਾਦ ਤੋਂ ਬਚਣ ਦੇ ਬਹਾਨੇ ਬਣਾਉਂਦੇ ਰਹੇ।ਨਗਰ ਕੌਂਸਲ ਦੇ ਕਰਮਚਾਰੀ ਅਤੇ ਬਟਾਲਾ ਸਿਟੀ ਥਾਣਾ ਦੀ ਪੁਲਸ ਜੋ ਕਿ ਇਕ ਸੜਕ ਹਾਦਸੇ ਦੌਰਾਨ ਮਾਰੇ ਗਏ ਅਣਪਛਾਤੇ ਵਿਅਕਤੀ ਦੀ ਲਾਸ਼ ਨੂੰ ਗੰਦਗੀ ਨਾਲ ਭਰੀ ਟਰਾਲੀ ‘ਚ ਸਿਵਲ ਹਸਪਤਾਲ ਦੇ ਮੁਰਦਾਘਰ ‘ਚੋਂ ਕੱਢ ਕੇ ਟਰਾਲੀ ‘ਚ ਰੱਖ ਕੇ ਸਸਕਾਰ ਕਰਨ ਲਈ ਲੈ ਜਾ ਰਹੇ ਸਨ ਤਾਂ ਉਥੇ ਮੌਜੂਦ ਕੁਝ ਲੋਕਾਂ ਨੇ ਇਸ ਘਟਨਾ ਨੂੰ ਮੋਬਾਇਲ ‘ਚ ਕੈਦ ਕਰ ਲਿਆ। ਜਿਵੇਂ ਹੀ ਕਰਮਚਾਰੀਆਂ ਨੂੰ ਇਸ ਬਾਰੇ ਪਤਾ ਲੱਗਾ ਕਿ ਕੁੱਝ ਲੋਕ ਮੋਬਾਇਲ ‘ਤੇ ਇਸ ਘਟਨਾ ਨੂੰ ਸ਼ੂਟ ਕਰ ਰਹੇ ਹਨ ਤਾਂ ਕੌਂਸਲ ਦੇ ਕਰਮਚਾਰੀਆਂ ਨੇ ਟਰਾਲੀ ‘ਚ ਭਰੀ ਗੰਦਗੀ ‘ਤੇ ਇਕ ਤਰਪਾਇਲ ਪਾ ਦਿੱਤੀ ਤਾਂ ਜੋ ਕਿਸੇ ਨੂੰ ਥੱਲੇ ਰੱਖਿਆ ਕੂੜਾ ਨਜ਼ਰ ਨਾ ਆਵੇ ਅਤੇ ਅਣਪਛਾਤੇ ਦੀ ਲਾਸ਼ ਨੂੰ ਟਰਾਲੀ ‘ਚ ਰੱਖ ਕੇ ਸਸਕਾਰ ਲਈ ਲੈ ਗਏ। ਇਸ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਪੁਲਸ ਅਤੇ ਨਗਰ ਕੌਂਸਲ ਖਿਲਾਫ ਲੋਕਾਂ ‘ਚ ਗੁੱਸਾ ਦੇਖਣ ਨੂੰ ਮਿਲਿਆ।ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਡੀ. ਐੱਸ. ਪੀ. ਸਿਟੀ ਪ੍ਰਹਿਲਾਦ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਮਾਮਲੇ ਬਾਰੇ ‘ਚ ਸੋਸ਼ਲ ਮੀਡੀਆ ਰਾਹੀ ਪਤਾ ਲੱਗਿਆ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ‘ਚ ਜੋ ਏ. ਐੱਸ. ਆਈ. ਅਤੇ ਹੋਰ ਪੁਲਸ ਕਰਮਚਾਰੀ ਨਜ਼ਰ ਆ ਰਹੇ ਹਨ, ਉਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।ਬਟਾਲਾ ਦੇ ਐੱਸ. ਡੀ. ਐੱਮ. ਰੋਹਿਤ ਗੁਪਤਾ ਨੇ ਕਿਹਾ ਕਿ ਉਨ੍ਹਾਂ ਨੂੰ ਉਕਤ ਮਾਮਲੇ ਬਾਰੇ ਮੀਡੀਆ ਤੋਂ ਪਤਾ ਲੱਗਿਆ ਹੈ ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਅਤੇ ਜਿਸ ਦੀ ਵੀ ਲਾਪਰਵਾਹੀ ਸਾਹਮਣੇ ਆਈ ਉਸ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਨੂੰ ਇਸ ਤਰ੍ਹਾਂ ਲਾਵਾਰਿਸ਼ ਲਾਸ਼ਾਂ ਦੇ ਅੰਤਿਮ ਸੰਸਕਾਰ ਲਈ ਜ਼ਰੂਰੀ ਫੰਡ ਜਾਰੀ ਕੀਤਾ ਜਾਂਦਾ ਹੈ।