Monday, October 14, 2019
Home > News > ਬਾਪੂ ਦੀ ਪੱਗੜੀ ਨੂੰ ਮੈਂ ਕਦੇ ਦਾਗ ਨੀ ਲਾਉਣਾ ਨਾ ਨਾ ਸਖੀਓ ਮੈਂ ਕਦੇ ਪਿਆਰ ਨੀ ਪਾਉਣਾ(ਵੀਡੀਓ)

ਬਾਪੂ ਦੀ ਪੱਗੜੀ ਨੂੰ ਮੈਂ ਕਦੇ ਦਾਗ ਨੀ ਲਾਉਣਾ ਨਾ ਨਾ ਸਖੀਓ ਮੈਂ ਕਦੇ ਪਿਆਰ ਨੀ ਪਾਉਣਾ(ਵੀਡੀਓ)

ਇਸ ਸੰਸਾਰ ‘ਚ ‘ਮਾਂ’ ਦਾ ਰੁਤਬਾ ਰੱਬ ਤੋਂ ਵੀ ਉੱਚਾ ਤੇ ਸੁੱਚਾ ਮੰਨਿਆ ਗਿਆ ਹੈ। ਰੋਂਦੇ ਬੱਚਿਆਂ ਨੂੰ ਲਾਅਰੇ ਲਾ ਵਰਾਉਣ ਵਾਲੀ, ਪੁੱਤ ਨੂੰ ਬਾਪੂ ਦੇ ਝਿੜਕਿਆਂ ਤੋਂ ਬਚਾਉਣ ਵਾਲੀ, ਧੀ ਦੀ ਡੋਲੀ ਤੋਰਨ ਵੇਲੇ ਭੁੱਬਾਂ ਮਾਰ ਰੋਣ ਵਾਲੀ ਮਾਂ ਦਾ ਕਰਜ਼ ਦੁਨੀਆ ਦਾ ਕੋਈ ਵਿਅਕਤੀ ਨਹੀਂ ਉਤਾਰ ਸਕਦਾ। ਜਦੋਂ ਭੁੱਖ ਲੱਗਦੀ ਸੀ ਤਾਂ ਮਾਂ ਨੇ ਮੂੰਹ ‘ਚ ਬੁਰਕੀਆਂ ਪਾਉਣੀਆਂ, ਸਕੂਲੋਂ ਆਉਂਦਿਆਂ ਨੂੰ ਪੱਖੀਆਂ ਝੱਲਣੀਆਂ, ਗੋਦੀ ‘ਚ ਸਿਰ ਰੱਖ ਸੁਆਉਣਾ। ਅੱਜ ਜਦੋਂ ਮਾਂ ਦੇ ਘਰੋਂ ਵਿਦਾ ਹੋ ਕੇ ਸਹੁਰੇ ਘਰ ਆ ਗਈ ਹਾਂ ਤਾਂ ਮਾਂ ਦੀਆਂ ਮਿੱਠੀਆਂ ਯਾਦਾਂ ਨੂੰ ਯਾਦ ਕਰਦਿਆਂ ਮਨ ਭਰ ਆਉਂਦਾ ਹੈ।

ਦਿਲ ‘ਚ ਵਾਰ-ਵਾਰ ਇਹੀ ਖਿਆਲ ਆਉਂਦਾ ਹੈ ਕਿ ਜਿਹੜੀ ਮਾਂ ਮੈਨੂੰ ਇਕ ਪਲ ਵੀ ਅੱਖੋਂ ਓਹਲੇ ਨਹੀਂ ਕਰਦੀ ਸੀ, ਉਸ ਨੇ ਕਿੰਨਾ ਵੱਡਾ ਜੇਰਾ ਕਰਕੇ ਮੈਨੂੰ ਵਿਦਾ ਕੀਤਾ ਹੋਵੇਗਾ। ਮੈਨੂੰ ਅੱਜ ਵੀ ਉਹ ਦਿਨ ਯਾਦ ਹੈ, ਜਦੋਂ ਮੇਰੀ ਡੋਲੀ ਤੁਰਨ ਲੱਗੀ ਤਾਂ ਮਾਂ ਦੀਆਂ ਹੰਝੂਆਂ ਨਾਲ ਭਰੀਆਂ ਅੱਖਾਂ ‘ਚ ਬੇਵੱਸੀ ਸਾਫ ਝਲਕ ਰਹੀ ਸੀ। ਉਸ ਸਮੇਂ ਰੋਂਦੀ ਹੋਈ ਮਾਂ ਦੇ ਮੂੰਹੋਂ ਇਕ ਲਫਜ਼ ਵੀ ਨਹੀਂ ਨਿਕਲ ਸਕਿਆ। ਮਾਂ ਨੇ ਬੱਸ ਸਿਰ ‘ਤੇ ਹੱਥ ਰੱਖ ਕੇ ਪਿਆਰ ਦਿੰਦਿਆਂ ਘੁੱਟ ਕੇ ਗਲਵੱਕੜੀ ਪਾ ਲਈ ਤੇ ਕਾਫੀ ਚਿਰ ਤੱਕ ਛੱਡਣ ਦਾ ਨਾਂ ਨਹੀਂ ਲਿਆ। ਇਕ ਵਾਰ ਫਿਰ ਜੱਗ ਦੀ ਰੀਤ ਅੱਗੇ ਮਾਂ ਦੀ ਮਮਤਾ ਹਾਰ ਗਈ ਅਤੇ ਨਾ ਚਾਹੁੰਦੇ ਹੋਏ ਵੀ ਮਾਂ ਨੇ ਮੈਨੂੰ ਆਪਣੇ ਘਰੋਂ ਹਮੇਸ਼ਾ ਲਈ ਇਹ ਕਹਿੰਦਿਆ ਵਿਦਾ ਕਰ ਦਿੱਤਾ ਕਿ ਧੀਏ ਅੱਜ ਤੋਂ ਤੂੰ ਸਾਡੇ ਲਈ ਬੇਗਾਨੀ ਹੋ ਗਈ। ਫਿਰ ਉਹ ਵੇਲਾ ਆ ਗਿਆ, ਜਦੋਂ ਮੈਂ ਡੋਲੀ ਵਾਲੀ ਕਾਰ ਦੇ ਬਿਲਕੁਲ ਨੇੜੇ ਪੁੱਜ ਗਈ। ਇਕ ਪਾਸੇ ਸਹੁਰਾ ਪਰਿਵਾਰ ਨੇ ਕਾਹਲੀ ਪਾਈ ਹੋਈ ਸੀ ਕਿ ਅਸੀਂ ਲੇਟ ਹੋ ਗਏ, ਡੋਲੀ ਜਲਦੀ ਤੋਰੋ। ਦੂਜੇ ਪਾਸੇ ਮੇਰੀ ਮਾਂ ਦੀਆਂ ਅੱਖਾਂ ‘ਚ ਵਹਿ ਰਿਹਾ ਹੰਝੂਆਂ ਦਾ ਦਰਿਆ ਰੁਕਣ ਦਾ ਨਾਂ ਨਹੀਂ ਲੈ ਰਿਹਾ ਸੀ। ਮੈਨੂੰ ਇੰਝ ਮਹਿਸੂਸ ਹੋ ਰਿਹਾ ਸੀ ਕਿ ਮੈਂ ਸਿਰਫ ਇਕ ਕਠਪੁਤਲੀ ਹੀ ਹਾਂ ਅਤੇ ਆਪਣੀ ਮਾਂ ਲਈ ਇਕ ਰਾਤ ਵੀ ਪੇਕੇ ਘਰ ਨਹੀਂ ਰੁਕ ਸਕਦੀ। ਅੱਜ ਵੀ ਜਦੋਂ ਕਦੇ ਪੇਕੇ ਘਰ ਜਾਂਦੀ ਹਾਂ ਤਾਂ ਤੁਰਨ ਲੱਗਿਆਂ ਮਾਂ ਦਾ ਮੂੰਹ ਨਿੱਕਾ ਜਿਹਾ ਹੋ ਜਾਂਦਾ ਹੈ।

ਉਂਝ ਤਾਂ ਸੱਸਾਂ ਵੀ ਮਾਵਾਂ ਦਾ ਹੀ ਰੂਪ ਹੁੰਦੀਆਂ ਹਨ ਪਰ ਜਦੋਂ ਕਦੇ ਵੀ ਮਾਪੇ ਘਰ ਜਾਣ ਦੀ ਗੱਲ ਆਉਂਦੀ ਹੈ ਤਾਂ ਨੂੰਹ ਨੂੰ ਕਈ ਵਾਰ ਇਹ ਗੱਲ ਸੁਣਨ ਨੂੰ ਮਿਲ ਜਾਂਦੀ ਹੈ ਕਿ ਹੁਣ ਇਹ ਹੀ ਤੇਰਾ ਅਸਲੀ ਘਰ ਹੈ। ਮੇਰੀ ਬੇਨਤੀ ਹੈ ਉਨ੍ਹਾਂ ਸੱਸਾਂ ਨੂੰ, ਜੋ ਆਪਣੀਆਂ ਨੂੰਹਾਂ ਨੂੰ ਪੇਕੇ ਜਾਣ ਤੋਂ ਇਹ ਕਹਿ ਕੇ ਵਰਜ ਦਿੰਦੀਆਂ ਹਨ ਕਿ ਤੇਰੇ ‘ਤੇ ਸਿਰਫ ਸਾਡਾ ਹੱਕ ਹੈ।ਸੱਸ ਨੂੰ ਇਹ ਗੱਲ ਨਹੀਂ ਭੁੱਲਣੀ ਚਾਹੀਦੀ ਹੈ ਕਿ ਉਹ ਵੀ ਕਦੇ ਕਿਸੇ ਦੀ ਨੂੰਹ ਬਣ ਕੇ ਆਪਣੀ ਮਾਂ ਨੂੰ ਰੋਂਦਿਆਂ ਛੱਡ ਕੇ ਆਈ ਸੀ ਅਤੇ ਉਸ ਦੀਆਂ ਧੀਆਂ ਨੇ ਵੀ ਕਿਸੇ ਬੇਗਾਨੇ ਘਰ ਜਾਣਾ ਹੈ ਅਤੇ ਜੇਕਰ ਧੀ ਦੀ ਸੱਸ ਦਾ ਵੀ ਇਹੀ ਰੱਵਈਆ ਹੋਇਆ ਤਾਂ ਫਿਰ ਉਸ ਦੇ ਦਿਲ ‘ਤੇ ਕੀ ਬੀਤੇਗੀ। ਇਸ ਲਈ ਬੇਗਾਨੀਆਂ ਧੀਆਂ ਦੀ ਕਦਰ ਕਰੋ। ਕਦੇ ਕਿਸੇ ਧੀ ਨੂੰ ਉਸ ਦੀ ਮਾਂ ਨਾਲ ਮਿਲਣ ਤੋਂ ਨਾ ਰੋਕੋ। ਮਾਵਾਂ ਦਾ ਪਿਆਰ ਕਰਮਾਂ ਵਾਲਿਆਂ ਨੂੰ ਮਿਲਦਾ ਹੈ ਅਤੇ ਕਿਸੇ ਧੀ ਤੋਂ ਉਸ ਦੀ ਮਾਂ ਦਾ ਪਿਆਰ ਨਾ ਖੋਹਿਓ।