Monday, October 14, 2019
Home > News > ਸ਼ਹੀਦ ਦੇ ਅੰਤਿਮ ਸੰਸਕਾਰ ਤੋਂ ਪਹਿਲਾਂ ਬੇਟੀ ਦਾ ਜਨਮ, 10 ਸਾਲਾਂ ਤੋਂ ਸੀ ਔਲਾਦ ਦੀ ਉਡੀਕ..

ਸ਼ਹੀਦ ਦੇ ਅੰਤਿਮ ਸੰਸਕਾਰ ਤੋਂ ਪਹਿਲਾਂ ਬੇਟੀ ਦਾ ਜਨਮ, 10 ਸਾਲਾਂ ਤੋਂ ਸੀ ਔਲਾਦ ਦੀ ਉਡੀਕ..

ਅੱਤਵਾਦੀ ਨਾਲ ਲੜਦੇ ਸ਼ਹੀਦ ਹੋਏ ਜੰਮੂ-ਕਸ਼ਮੀਰ ਦੇ ਲਾਂਸ ਨਾਇਕ ਰਣਜੀਤ ਸਿੰਘ ਦਾ ਮਰਹੂਮ ਸਰੀਰ ਮੰਗਲਵਾਰ ਨੂੰ ਉਨ੍ਹਾਂ ਦੇ ਜੱਦੀ ਪਿੰਡ ਰਾਮਬਨ ਲਿਆਂਦਾ ਗਿਆ। ਜਿੱਥੇ ਇਕ ਪਾਸੇ ਰਣਜੀਤ ਸਿੰਘ ਦੇ ਅੰਤਿਮ ਸੰਸਕਾਰ ਦੀਆਂ ਤਿਆਰੀਆਂ ਚਲ ਰਹੀਆਂ ਸਨ, ਉੱਥੇ ਹੀ ਦੂਜੇ ਪਾਸੇ ਸ਼ਹੀਦ ਦੀ ਪਤਨੀ ਸ਼ਿਮੂ ਦੇਵੀ ਨੇ ਬੇਟੀ ਨੂੰ ਜਨਮ ਦਿੱਤਾ। ਰਣਜੀਤ ਅਤੇ ਸ਼ਿਮੂ ਦੀ ਇਹ ਪਹਿਲੀ ਔਲਾਦ ਸੀ, ਜਿਸ ਦੇ ਜਨਮ ਦਾ ਉਹ ਪਿਛਲੇ 10 ਸਾਲਾਂ ਤੋਂ ਉਡੀਕ ਕਰ ਰਹੇ ਸਨ।

ਕੁਦਰਤ ਨੂੰ ਸ਼ਾਇਦ ਇਹ ਹੀ ਮਨਜ਼ੂਰ ਸੀ ਕਿ ਬੇਟੀ ਦੇ ਜਨਮ ਤੋਂ ਬਾਅਦ ਹੀ ਸ਼ਹੀਦ ਦੀ ਅੰਤਿਮ ਵਿਦਾਈ ਹੋਵੇ। ਦੱਸਣਯੋਗ ਹੈ ਕਿ ਐਤਵਾਰ ਨੂੰ ਰਾਜੌਰੀ ਜ਼ਿਲੇ ਦੇ ਸੁੰਦਰਬਨੀ ਸੈਕਟਰ ‘ਚ ਕੰਟਰੋਲ ਰੇਖਾ ‘ਤੇ ਪਾਕਿਸਤਾਨੀ ਘੁਸਪੈਠੀਆਂ ਨਾਲ ਮੁਕਾਬਲੇ ਦੌਰਾਨ ਰਣਜੀਤ ਸ਼ਹੀਦ ਹੋ ਗਏ ਸਨ। ਤਿਰੰਗੇ ‘ਚ ਲਿਪਟਿਆ ਰਣਜੀਤ ਦਾ ਮਰਹੂਮ ਸਰੀਰ ਅਖਨੂਰ ਵਿਚ ਸ਼ਰਧਾਂਜਲੀ ਤੋਂ ਬਾਅਦ ਸੋਮਵਾਰ ਨੂੰ ਉਨ੍ਹਾਂ ਦੇ ਜੱਦੀ ਪਿੰਡ ਲਿਆਂਦਾ ਗਿਆ। ਕੁਝ ਕਾਰਨਾਂ ਤੋਂ ਰਣਜੀਤ ਦੇ ਅੰਤਿਮ ਸੰਸਕਾਰ ਵਿਚ ਦੇਰੀ ਹੋਈ, ਤਾਂ ਪਰਿਵਾਰ ਨੇ ਮੰਗਲਵਾਰ ਦੀ ਸਵੇਰ ਨੂੰ ਅੰਤਿਮ ਸੰਸਕਾਰ ਦਾ ਫੈਸਲਾ ਲਿਆ। ਸੋਮਵਾਰ ਦੀ ਅੱਧੀ ਰਾਤ ਨੂੰ ਰਣਜੀਤ ਦੀ ਪਤਨੀ ਨੂੰ ਦਰਦ ਹੋਣ ਕਾਰਨ ਰਾਮਬਨ ਹਸਪਤਾਲ ‘ਚ ਭਰਤੀ ਕਰਵਾਇਆ ਗਿਆ, ਜਿੱਥੇ ਉਨ੍ਹਾਂ ਨੇ ਮੰਗਲਵਾਰ ਦੀ ਸਵੇਰ ਨੂੰ 5.00 ਵਜੇ ਦੇ ਕਰੀਬ ਬੇਟੀ ਨੂੰ ਜਨਮ ਦਿੱਤਾ।ਇਸ ਦੁੱਖ ਦੀ ਘੜੀ ਦਰਮਿਆਨ ਪਤਨੀ ਸ਼ਿਮੂ ਦੇਵੀ ਪਤੀ ਦੇ ਅੰਤਿਮ ਸੰਸਕਾਰ ਵਿਚ ਪੁੱਜੀ। ਪਤਨੀ ਨੇ ਨਮ ਅੱਖਾਂ ਨਾਲ ਸ਼ਹੀਦ ਪਤੀ ਨੂੰ ਅੰਤਿਮ ਵਿਦਾਈ ਦਿੱਤੀ। ਇਸ ਤੋਂ ਬਾਅਦ ਫੌਜੀ ਸਨਮਾਨ ਨਾਲ ਰਣਜੀਤ ਦਾ ਅੰਤਿਮ ਸੰਸਕਾਰ ਹੋਇਆ। ਇਸ ਦੇ ਨਾਲ ਹੀ ਨਾਅਰੇ ਲਾਏ ਗਏ ‘ਸ਼ਹੀਦ ਰਣਜੀਤ ਅਮਰ ਰਹੇ ਅਤੇ ਭਾਰਤ ਮਾਤਾ ਦੀ ਜੈ’। ਇੱਥੇ ਦੱਸ ਦੇਈਏ ਕਿ ਸ਼ਿਮੂ ਅਤੇ ਰਣਜੀਤ ਦਾ ਸਾਲ 2006 ਵਿਚ ਵਿਆਹ ਹੋਇਆ ਸੀ। ਲਾਂਸ ਨਾਇਕ ਰਣਜੀਤ ਸਿੰਘ ਸੋਮਵਾਰ ਨੂੰ 2 ਮਹੀਨਿਆਂ ਦੀਆਂ ਛੁੱਟੀਆਂ ‘ਤੇ ਘਰ ਆਉਣ ਵਾਲੇ ਸਨ। ਰਣਜੀਤ ਦੇ ਪਰਿਵਾਰ ਵਾਲਿਆਂ ਨੇ ਕਿਹਾ ਕਿ ਉਸ ਨੇ ਆਪਣੀ ਪਹਿਲੀ ਔਲਾਦ ਲਈ 10 ਸਾਲ ਉਡੀਕ ਕੀਤੀ ਪਰ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ।